ਪੰਜ ਪਿਆਰੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜ ਪਿਆਰੇ   ਗੁਰਘਰ ਵਿੱਚ ਮੁੱਢ ਤੋਂ ਹੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚਲੀ ਆਈ ਹੈ, ਜੇਹਾਕਿ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਵਾਕ ਤੋਂ ਪ੍ਰਸਿੱਧ ਹੈ. “ਪੰਚ ਪਰਵਾਣ ਪੰਚ ਪਰਧਾਨ.” (ਜਪੁ) “ਗੁਰਮਤਿ ਪੰਚ ਸਖੇ ਗੁਰਭਾਈ.” (ਮਾਰੂ ਸੋਲਹੇ ਮ: ੧) “ਪੰਚ ਮਿਲੇ ਪਰਪੰਚ ਤਜ *** ਸਾਧਸੰਗਤਿ ਸੋਹਨਿ ਗੁਰਭਾਈ.” (ਭਾਗੁ) “ਸਬਦ ਸੁਰਤ ਲਿਵ ਗੁਰੁ ਸਿਖ ਸੰਧਿ ਮਿਲੇ ਪੰਚ ਪਰਪੰਚ ਮਿਟੇ ਪੰਚ ਪਰਧਾਨ ਹੈਂ” (ਭਾਗੁ ਕ) “ਗੁਰੁਘਰ ਕੀ ਮਰਜਾਦਾ ਪੰਚਹੁ.” (ਗੁਪ੍ਰਸੂ)

     ਗੁਰੂ ਨਾਨਕ ਦੇਵ ਤੋਂ ਲੈ ਕੇ ਪੰਜ ਪ੍ਯਾਰੇ ਚੁਣੇ ਜਾਂਦੇ ਰਹੇ ਹਨ, ਪਰ ਇਤਿਹਾਸ ਵਿੱਚ ਸਾਰਿਆਂ ਦੇ ਨਾਮ ਨਹੀਂ ਲਿਖੇ, ਕੇਵਲ ਥੋੜੇ ਨਾਮ ਦਿੱਤੇ ਹਨ, ਜੇਹਾ ਕਿ— ਗੁਰੂ ਅਰਜਨਦੇਵ ਦੇ ਪੰਜ ਪ੍ਯਾਰੇ— ਬਿਧੀਚੰਦ, ਜੇਠਾ , ਲੰਗਾਹ, ਪਿਰਾਣਾ ਅਤੇ ਭਾਈ ਪੈੜਾ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਆਤਮਗ੍ਯਾਨੀ ਪੰਜ ਪ੍ਯਾਰੇ— ਦੀਵਾਨ ਮਤੀਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ, ਊਦਾ ਅਤੇ ਜੈਤਾ.

     ੨ ਖ਼ਾਸ ਕਰਕੇ ਭਾਈ ਦਯਾ ਸਿੰਘ ਜੀ, ਧਰਮ ਸਿੰਘ ਜੀ, ਮੁਹਕਮ ਸਿੰਘ ਜੀ, ਸਾਹਿਬ ਸਿੰਘ ਜੀ ਅਤੇ ਹਿੰਮਤ ਸਿੰਘ ਜੀ. ਇਹ ਪੰਜ ਮਹਾਪੁਰਖ “ਪ੍ਯਾਰੇ” ਇਸ ਲਈ ਕਹੇ ਜਾਂਦੇ ਹਨ ਕਿ ੧ ਵੈਸਾਖ ਸੰਮਤ ੧੭੫੬ ਨੂੰ ਕੇਸ਼ਗੜ੍ਹ ਦੇ ਦੀਵਾਨ ਵਿੱਚ ਜਦ ਦਸ਼ਮੇਸ਼ ਨੇ ਨੰਗੀ ਤਲਵਾਰ ਧੂਹਕੇ ਫਰਮਾਇਆ ਕਿ ਜੋ ਮੇਰਾ ਪਿਆਰਾ ਸਿੱਖ ਹੈ ਉਹ ਮੈਨੂੰ ਸੀਸ ਅਰਪਣ ਕਰੇ, ਕ੍ਯੋਂਕਿ ਇਸ ਵੇਲੇ ਕੁਰਬਾਨੀ ਦੀ ਜ਼ਰੂਰਤ ਹੈ, ਤਦ ਸਭ ਤੋਂ ਪਹਿਲਾਂ ਇਨ੍ਹਾਂ ਪੰਜਾਂ ਨੇ ਸੀਸ ਅਰਪਣ ਕੀਤੇ. ਪਰਮਪਿਤਾ ਨੇ ਇਨ੍ਹਾਂ ਨੂੰ ਛਾਤੀ ਨਾਲ ਲਾਕੇ “ਪ੍ਯਾਰਾ” ਕਹਿਕੇ ਸੰਬੋਧਨ ਕੀਤਾ ਅਰ ਅਮ੍ਰਿਤ ਛਕਾਕੇ ਖਾਲਸਾਪੰਥ ਦੀ ਨਿਉਂ ਰੱਖੀ.

     ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗ੍ਯਾ ਸੀ ਕਿ ਦੀਵਾਨ ਵਿੱਚ ਜੋ ਪ੍ਰਸਾਦ ਵਰਤੇ, ਉਹ ਸਭ ਸਿੱਖਾਂ ਤੋਂ ਪਹਿਲਾਂ ਇਨ੍ਹਾਂ ਪੰਜਾਂ ਨੂੰ ਦਿੱਤਾ ਜਾਇਆ ਕਰੇ. ਉਸ ਰੀਤਿ ਦੀ ਨਕਲ ਹੁਣ ਤੀਕ ਕੜਾਹਪ੍ਰਸਾਦ ਵਰਤਣ ਸਮੇਂ ਦੇਖੀ ਜਾਂਦੀ ਹੈ.

     ਅਫਸੋਸ ਹੈ ਕਿ ਇਨ੍ਹਾਂ ਮਹਾਨ ਪਰੋਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਜਤਨ ਕਰਨ ਤੇ ਭੀ ਪ੍ਰਾਪਤ ਨਹੀਂ ਹੋਇਆ, ਜੋ ਕੁਝ ਲਿਖਿਆ ਮਿਲਿਆ ਹੈ ਉਸ ਨਾਲ ਸਾਡੀ ਪੂਰੀ ਸੰਮਤੀ ਨਹੀਂ, ਪਰ ਪਾਠਕਾਂ ਦੇ ਗ੍ਯਾਨ ਅਤੇ ਵਿਚਾਰ ਹਿਤ ਪੇਸ਼ ਕਰਦੇ ਹਾਂ— ਭਾਈ ਠਾਕੁਰ ਸਿੰਘ ਜੀ ਗ੍ਯਾਨੀ “ਗੁਰਦੁਆਰੇਦਰਸ਼ਨ” ਵਿੱਚ ਇਉਂ ਲਿਖਦੇ ਹਨ—

     (੧) ਡੱਲਾ ਨਿਵਾਸੀ ਭਾਈ ਪਾਰੋ ਖਤ੍ਰੀ ਦੀ ਕੁਲ ਵਿੱਚ ਸੁੱਧੇ ਦੇ ਘਰ ਮਾਈ ਦਿਆਲੀ ਦੀ ਕੁੱਖ ਤੋਂ ਸੰਮਤ ੧੭੧੮ ਭਾਦੋਂ ਪ੍ਰਵਿ੄਍੠ ੧੧ ਨੂੰ ਦਯਾ ਸਿੰਘ ਜੀ ਦਾ ਜਨਮ ਲਹੌਰ ਹੋਇਆ. ਇਨ੍ਹਾਂ ਦਾ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਦਾ ਸੇਵਕ ਸੀ. ਦਯਾ ਸਿੰਘ ਜੀ ਸੰਮਤ ੧੭੩੪ ਵਿੱਚ ਆਨੰਦਪੁਰ ਆਕੇ ਕਲਗੀਧਰ ਦੀ ਸੇਵਾ ਕਰਨ ਲੱਗੇ. ੧ ਵੈਸਾਖ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਅੰਮ੍ਰਿਤ ਛਕਿਆ.

     ਸੰਮਤ ੧੭੬੫ ਅੱਸੂ ੧੧ ਨੂੰ ਅਬਿਚਲਨਗਰ ਪਰਲੋਕ ਸਿਧਾਰੇ. ਦਯਾ ਸਿੰਘ ਜੀ ਦਾ ਪਰਿਵਾਰ ਮਾਤਾ ਸੁੰਦਰੀ ਜੀ ਨਾਲ ਦਿੱਲੀ ਰਿਹਾ, ਜਦ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਜੀ ਦੇ ਗ੍ਰੰਥੀ ਹੋਏ, ਤਦ ਉਹ ਭੀ ਅਮ੍ਰਿਤਸਰ ਜੀ ਆ ਗਿਆ. ਇਸ ਵੰਸ਼ ਵਿੱਚੋਂ ਪੁਜਾਰੀ ਜਵਾਹਰ ਸਿੰਘ ਜੀ ਹਨ.

     (੨) ਪਿੰਡ ਜਟਵਾੜਾ (ਜਿਲਾ ਸਹਾਰਨਪੁਰ) ਵਿੱਚ ਸੰਤਰਾਮ ਜੱਟ ਦੇ ਘਰ ਮਾਤਾ ਜੱਸੀ (ਜਾਂ ਸਾਵੋ) ਦੀ ਕੁੱਖ ਤੋਂ ਸੰਮਤ ੧੭੨੪ ਕੱਤਕ ੭ ਨੂੰ ਧਰਮ ਸਿੰਘ ਜੀ ਦਾ ਜਨਮ ਹੋਇਆ. ਸੰਮਤ ੧੭੩੫ ਵਿੱਚ ਕਲਗੀਧਰ ਦੀ ਸ਼ਰਣ ਆਏ. ਵੈਸਾਖੀ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਸਿੰਘ ਸਜੇ. ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੀ ਵੰਸ਼ ਵਿੱਚੋਂ ਸਰਦਾਰ ਨੌਧ ਸਿੰਘ ਜੀ ਰਾਜਾ ਸਾਹਿਬ ਕਲਸੀਆਂ ਦੇ ਰਸਾਲਦਾਰ ਰਹੇ ਹਨ.

     (੩) ਨੰਗਲਸ਼ਹੀਦਾਂ (ਜਿਲਾ ਹੁਸ਼ਿਆਰਪੁਰ) ਵਿੱਚ ਤੁਲਸੀ (ਜਾਂ ਚਮਨਰਾਮ) ਨਾਈ ਦੇ ਘਰ ਮਾਤਾ ਬਿਸਨਦੇਈ ਦੀ ਕੁੱਖ ਤੋਂ ੪ ਹਾੜ੍ਹ ਸੰਮਤ ੧੭੨੨ ਨੂੰ ਸਾਹਿਬ ਸਿੰਘ ਜੀ ਦਾ ਜਨਮ ਹੋਇਆ. ਸੰਮਤ ੧੭੩੮ ਵਿੱਚ ਆਨੰਦਪੁਰ ਆਕੇ ਸਤਿਗੁਰੂ ਦੀ ਸ਼ਰਣ ਰਹੇ. ਸੰਮਤ ੧੭੫੬ ਵਿੱਚ ਸੀਸ ਭੇਟ ਕਰਕੇ ਸਿੰਘ ਸਜੇ. ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੀ ਸੰਤਾਨ ਦੇ ਲੋਕ ਨੰਗਲਸ਼ਹੀਦਾਂ ਵਿੱਚ ਵਸਦੇ ਹਨ.

     (੪) ਪਿੰਡ ਸੰਗਤਪੁਰਾ (ਰਾਜ ਪਟਿਆਲਾ) ਵਿੱਚ ਜੋਤੀਰਾਮ ਝਿਉਰ ਦੇ ਘਰ ਮਾਈ ਰਾਮੋ ਦੀ ਕੁੱਖ ਤੋਂ ੫ ਮਾਘ ਸੰਮਤ ੧੭੧੮ ਨੂੰ ਹਿੰਮਤ ਸਿੰਘ ਜੀ ਜਨਮੇ. ਸੰਮਤ ੧੭੩੫ ਵਿੱਚ ਕਲਗੀਧਰ ਦੀ ਸਰਣ ਆਏ. ਸੰਮਤ ੧੭੫੬ ਵਿੱਚ ਸੀਸ ਭੇਟ ਕਰਕੇ ਸਿੰਘ ਸਜੇ. ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੇ ਸੰਤਾਨ ਨਹੀਂ ਹੋਈ.

     (੫) ਬੂੜੀਏ ਪਿੰਡ ਵਿੱਚ ਤੀਰਥਰਾਮ ਛੀਂਬੇ ਦੇ ਘਰ ਮਾਤਾ ਸੁਖਦੇਵੀ ਦੀ ਕੁੱਖ ਤੋਂ ੨੨ ਜੇਠ ਸੰਮਤ ੧੭੩੩ ਨੂੰ ਮੁਹਕਮ ਸਿੰਘ ਜੀ ਦਾ ਜਨਮ ਹੋਇਆ. ਸੰਮਤ ੧੭੪੨ ਵਿੱਚ ਆਨੰਦਪੁਰ ਨਿਵਾਸ ਕੀਤਾ. ਵੈਸਾਖੀ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਸਿੰਘ ਸਜੇ. ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਕਵਿਰਾਜ ਭਾਈ ਸੰਤੋਖ ਸਿੰਘ ਜੀ ਕਰਤਾ ਗੁਰੁ ਪ੍ਰਤਾਪ ਸੂਰਯ ਇਨ੍ਹਾਂ ਦੀ ਹੀ ਵੰਸ਼ ਵਿੱਚੋਂ ਸਨ.

     ਬਾਬਾ ਬੁੱਢਾ ਜੀ ਦੇ ਜੀਵਨਚਰਿਤ੍ਰ ਵਿੱਚ ਭਾਈ ਮੰਗਲ ਸਿੰਘ ਜੀ ਲਿਖਦੇ ਹਨ—

     (ੳ) ਲਹੌਰ ਨਿਵਾਸੀ ਸੁੱਧੇ ਖਤ੍ਰੀ ਦੇ ਘਰ ਮਾਤਾ ਦਿਆਲੀ ਤੋਂ ਸੰਮਤ ੧੭੨੬ ਵਿੱਚ ਦਯਾਰਾਮ ਜਨਮਿਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਸੰਮਤ ੧੭੬੫ ਵਿੱਚ ਆਪ ਦਾ ਦੇਹਾਂਤ ਗੋਦਾਵਰੀ ਦੇ ਕਿਨਾਰੇ ਅਬਿਚਲਨਗਰ ਹੋਇਆ. ਆਪ ਪੰਜ ਪਿਆਰਿਆਂ ਦੇ ਜਥੇਦਾਰ ਸਨ.

     (ਅ) ਹਸਤਨਾਪੁਰ ਨਿਵਾਸੀ ਸੰਤਰਾਮ ਜੱਟ ਦੇ ਘਰ ਮਾਤਾ ਸਾਭੋ ਦੇ ਉਦਰ ਤੋਂ ਸੰਮਤ ੧੭੨੩ ਵਿੱਚ ਧਰਮਦਾਸ ਜੀ ਦਾ ਜਨਮ ਹੋਇਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜੇ. ਸੰਮਤ ੧੭੬੫ ਵਿੱਚ ਹਜੂਰ ਸਾਹਿਬ ਇਨ੍ਹਾਂ ਦਾ ਦੇਹਾਂਤ ਹੋਇਆ.

     (ੲ) ਦ੍ਵਾਰਿਕਾ ਨਿਵਾਸੀ ਤੀਰਥਚੰਦ ਛੀਂਬੇ ਦੇ ਘਰ ਮਾਤਾ ਦੇਵਾਂਬਾਈ ਦੇ ਉਦਰ ਤੋਂ ਸੰਮਤ ੧੭੨੦ ਵਿੱਚ ਮੁਹਕਮਚੰਦ ਜੀ ਜਨਮੇ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਛਕਕੇ ਖਾਲਸਾ ਸਜੇ. ਸੰਮਤ ੧੭੬੧ ਵਿੱਚ ਚਮਕੌਰ ਦੇ ਧਰਮਯੁੱਧ ਵਿੱਚ ਸ਼ਹੀਦ ਹੋਏ.

     (ਸ) ਬਿਦੁਰ ਨਿਵਾਸੀ ਚਮਨੇ ਨਾਈ ਦੇ ਘਰ ਸੋਨਾਬਾਈ ਦੇ ਉਦਰ ਤੋਂ ਸੰਮਤ ੧੭੧੯ ਵਿੱਚ ਸਾਹਿਬਚੰਦ ਜੀ ਦਾ ਜਨਮ ਹੋਇਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਨ ਕੀਤਾ. ਸੰਮਤ ੧੭੬੧ ਦੇ ਧਰਮਯੁੱਧ ਵਿੱਚ ਚਮਕੌਰ ਸ਼ਹੀਦ ਹੋਏ. ਇਨ੍ਹਾਂ ਨੇ ਅਮ੍ਰਿਤ ਛਕਣ ਤੋਂ ਪਹਿਲਾਂ ਭੀ ਧਰਮਯੁੱਧਾਂ ਵਿੱਚ ਹਿੱਸਾ ਲਿਆ ਹੈ. ਭੰਗਾਣੀ ਦੇ ਜੰਗ ਵਿੱਚ ਆਪ ਨੇ ਵਡੀ ਵੀਰਤਾ ਦਿਖਾਈ, ਜਿਸ ਦਾ ਜਿਕਰ ਵਿਚਿਤ੍ਰਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦੇਖੀਦਾ ਹੈ.

     (ਹ) ਪੁਰੀ (ਜਗੰਨਾਥ) ਨਿਵਾਸੀ ਗੁਲਜਾਰੀ ਝੀਵਰ ਦੇ ਘਰ ਧੰਨੋ ਦੇ ਉਦਰ ਤੋਂ ਸੰਮਤ ੧੭੧੮ ਵਿੱਚ ਹਿੰਮਤ ਜੀ ਦਾ ਜਨਮ ਹੋਇਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਪਾਨ ਕਰਕੇ ਸਿੰਘ ਸਜੇ. ਸੰਮਤ ੧੭੬੧ ਦੇ ਧਰਮਯੁੱਧ ਵਿੱਚ ਚਮਕੌਰ ਸ਼ਹੀਦ ਹੋਏ1।

     ੩ ਉਹ ਪੰਜ ਗੁਰਮੁਖ ਸਿੰਘ , ਜਿਨ੍ਹਾਂ ਨੂੰ ਕਲਗੀਧਰ ਨੇ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਗੁਰਤਾ ਅਰਪੀ— ਦਯਾ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ ਅਤੇ ਸੰਤਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਜ ਪਿਆਰੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜ ਪਿਆਰੇ: ਪੰਜ ਉਹ ਅਦੁੱਤੀ ਸਿੱਖ ਸਾਧਕ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਨ 1699 ਈ. ਵਿਚ ਵਿਸਾਖੀ ਵਾਲੇ ਦਿਨ ਖ਼ਾਲਸਾ (ਵੇਖੋ) ਸਾਜੇ ਜਾਣ ਸਮੇਂ ਆਪਣੇ ਸੀਸ ਭੇਂਟ ਕੀਤੇ ਸਨ। ਅੰਮ੍ਰਿਤ ਸੰਸਕਾਰ (ਵੇਖੋ) ਵੇਲੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਿੰਘ ਸਜਾਇਆ ਗਿਆ। ਸਿੱਖ ਇਤਿਹਾਸ ਵਿਚ ਉਹ ‘ਪੰਜ ਪਿਆਰੇ’ ਦੇ ਨਾਂ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਦੇ ਨਾਂ ਹਨ—ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ , ਭਾਈ ਹਿੰਮਤ ਸਿੰਘ ਅਤੇ ਭਾਈ ਮੁਹਕਮ ਸਿੰਘ। ਵਿਸਤਾਰ ਲਈ ਵੇਖੋ ਇਨ੍ਹਾਂ ਬਾਰੇ ਸੁਤੰਤਰ ਇੰਦਰਾਜ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੰਜ ਪਿਆਰੇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜ ਪਿਆਰੇ : ਗੁਰੂ ਗੋਬਿੰਦ ਸਿੰਘ ਵੱਲੋਂ ਕੀਤੀ ਪੰਜ ਸਿਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਨਿਤਰਨ ਵਾਲੇ ਪੰਜ ਸਿੱਖਾਂ ਨੂੰ ਆਮ ਭਾਸ਼ਾ ਵਿਚ ‘ਪੰਜ ਪਿਆਰੇ’ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ‘ਪੰਜ’ ਜਾਂ ‘ਪੰਚ’ ਸ਼ਬਦ ਵਿਚ ਪੰਚਾਇਤ ਦੇ ਅਰਥ ਲੁਕੇ ਹੋਏ ਹਨ ਅਤੇ ਪੰਜ ਜਾਂ ਪੰਚ ਦੀ ਪ੍ਰਧਾਨਤਾ ਕਾਇਮ ਕਰਨ ਪਿੱਛੇ ਲੋਕਤੰਤਰ (Democracy) ਦੀ ਭਾਵਨਾ ਵਿਦਮਾਨ ਰਹਿੰਦੀ ਹੈ। ਸਿੱਖ ਧਰਮ ਵਿਚ ਮੁੱਢ ਤੋਂ ਹੀ ਪੰਜ ਜਾਂ ਪੰਚ ਸ਼ਬਦ ਦੀ ਬੜੀ ਮਹਾਨਤਾ ਰਹੀ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਹਾਨ ਰਚਨਾ ਜਪੁਜੀ ਵਿਚ ‘ਪੰਚ ਪਰਵਾਨ’ ਵਾਲੀ ਪਉੜੀ ਰਾਹੀਂ ‘ਪੰਚ’ ਸ਼ਬਦ ਦੀ ਮਹੱਤਵ–ਸਥਾਪਨਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ‘ਪੰਚ’ ਸ਼ਬਦ ਦੀ ਮਹਾਨਤਾ ਦਰਸਾਉਂਦਿਆਂ ਪੰਜਾਂ ਵਿਚ ਪਰਮੇਸ਼ਵਰ ਦੀ ਕਲਪਨਾ ਕੀਤੀ ਹੈ :

                   ਇਕ ਸਿੱਖ, ਦੁਇ ਸਾਧੁ ਸੰਗ, ਪੰਜੀ ਪਰਮੇਸ਼ਰ।                                    ––(ਵਾਰ ੧੩)

          ‘ਗੁਰਪ੍ਰਤਾਪ ਸੂਰਯ’ ਦੀ ਰੁਤ 6, ਅਧਿਆਇ 41 ਵਿਚ ਪੰਜ ਸਿੰਘਾਂ ਦੀ ਇਕੱਤਰਤਾ ਨੂੰ ਗੁਰੂ ਘਰ ਦੀ ਮਾਰਯਾਦਾ ਦਾ ਪ੍ਰਤੀਕ ਦੱਸਿਆ ਗਿਆ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ‘ਪੰਚ’ ਸ਼ਬਦ ਦੇ ਮਹੱਤਵ ਅਤੇ ਇਸ ਨਾਂ ਨਾਲ ਵਰੁਸਾਏ ਜਾਣ ਦੀ ਪਰੰਪਰਾ ਭਾਵੇਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਤੋਂ ਹੀ ਚਲ ਪਈ ਸੀ, ਪਰ ਪੰਜ ਪਿਆਰਿਆਂ ਦੀ ਜੋ ਮਹਾਨਤਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸਥਾਪਤ ਹੋਈ, ਉਹ ਪਹਿਲਾਂ ਨਹੀਂ ਸੀ। ਸੰਮਤ 1756 ਮੁਤਾਬਿਕ 1699 ਈ. ਨੂੰ ਵਿਸਾਖੀ ਵਾਲੇ ਦਿਨ ਕੇਸਗੜ੍ਹ ਸਾਹਿਬ ਦੇ ਖੁੱਲ੍ਹੇ ਦੀਵਾਨ ਵਿਚ ਗੁਰੂ ਗੋਬਿੰਦ ਸਿੰਘ ਨੂੰ ਸੀਸ ਭੇਂਟ ਕਰਨ ਵਾਲੇ ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਹੀ ‘ਪੰਜ ਪਿਆਰੇ’ ਨਾਂ ਨਾਲ ਪ੍ਰਸਿੱਧ ਹੋਏ। ਗੁਰੂ ਗੋਬਿੰਦ ਸਿੰਘ ਨੇ ਸੀਸ ਅਰਪਣ ਕਰਨ ਤੇ ਉਨ੍ਹਾਂ ਨੂੰ ਛਾਤੀ ਨਾਲ ਲਗਾਇਆ, ਪਿਆਰੇ ਕਹਿਕੇ ਸੰਬੋਧਨ ਕੀਤਾ ਅਤੇ ਖੰਡੇ ਦਾ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਇਸ ਦੇ ਨਾਲ ਹੀ ‘ਗੁਰੂ ਗ੍ਰੰਥ ਸਾਹਿਬ’ ਦੀ ਤਾਬਿਆ ਪੰਜਾਂ ਦੀ ਮਹਾਨਤਾ ਨੂੰ ਸਥਾਪਤ ਕਰਦਿਆਂ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਘਟਨਾ ਹੈ ਜਿਸ ਅਨੁਸਾਰ ਕਿਸੇ ਧਰਮ ਆਗੂ ਨੇ ਧਰਮ–ਸਾਧਨਾ ਵਿਚ ‘ਪੰਚ’ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਆਪਣੇ ਆਪ ਨੂੰ ਵੀ ਪੰਜਾਂ ਦੇ ਆਦੇਸ਼ ਦੀ ਪਾਲਣਾ ਲਈ ਆਗਿਆ–ਪਾਲਕ ਮੰਨਿਆ ਹੈ ਅਤੇ ਕਈਆਂ ਅਵਸਰਾਂ ਤੇ ਪੰਜਾਂ ਦਾ ਹੁਕਮ ਮੰਨ ਕੇ ਆਪਣੀ ਭਾਵਨਾ ਨੂੰ ਅਮਲੀ ਰੂਪ ਦਿੱਤਾ ਹੈ। ਇਸ ਤਰ੍ਹਾਂ ਪੰਜਾਂ ਪਿਆਰਿਆਂ ਦੀ ਇਕ ਨਵੀਂ ਪਰੰਪਰਾ ਸਿੱਖ ਧਰਮ ਵਿਚ ਚਲ ਪਈ। ਰਾਜਨੈਤਿਕ, ਸਮਾਜਕ, ਧਾਰਮਿਕ ਅਤੇ ਮਾਂਗਲਿਕ ਕਾਰਜਾਂ ਵੇਲੇ ਗੁਰਮਰਯਾਦਾ ਅਨੁਰੂਪ ਜੀਵਨ ਬਤੀਤ ਕਰਨ ਵਾਲੇ ਸਿੱਖਾਂ ਨੂੰ ਪੰਜ ਪਿਆਰੇ ਬਣਾ ਕੇ ਉਨ੍ਹਾਂ ਦੀ ਅਗਵਾਈ ਲਈ ਜਾਂਦੀ ਹੈ। ਅਨੁਰੂਪ ਜੀਵਨ ਬਤੀਤ ਕਰਨ ਵਾਲੇ ਸਿੱਖਾਂ ਨੂੰ ਪੰਜ ਪਿਆਰੇ ਬਣਾ ਕੇ ਉਨ੍ਹਾਂ ਦੀ ਅਗਵਾਈ ਲਈ ਜਾਂਦੀ ਹੈ।

          ਜਿਨ੍ਹਾਂ ਪੰਜ ਸਿੰਘਾਂ ਨੇ ਆਪਣੇ ਸੀਸ ਗੁਰੂ ਜੀ ਨੂੰ ਅਰਪਿਤ ਕੀਤੇ ਸਨ, ਉਨ੍ਹਾਂ ਦੀ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ––

          ਭਾਈ ਦਯਾ ਸਿੰਘ ਦਾ ਜਨਮ ਡੱਲਾ ਨਿਵਾਸੀ ਭਾਈ ਪਾਰੋ ਖੱਤਰੀ ਦੀ ਕੁਲ ਵਿਚ ਭਾਈ ਸੁਧੇ ਦੇ ਘਰ ਮਾਈ ਦਿਆਲੀ ਦੀ ਕੁੱਖੋਂ ਸੰਮਤ 1718 ਨੂੰ ਲਾਹੌਰ ਵਿਚ ਹੋਇਆ। ਸੰਮਤ 1734 ਨੂੰ ਕਲਗੀਧਰ ਦੀ ਸੇਖਾ ਵਿਚ ਆਨੰਦਪੁਰ ਪੁੱਜਿਆ ਤੇ 11 ਅੱਸੂ ਸੰਮਤ 1765 ਨੂੰ ਅਬਚਲ ਨਗਰ ਵਿਚ ਦੇਹਾਂਤ ਹੋਇਆ। ਭਾਈ ਧਰਮ ਸਿੰਘ ਦਾ ਜਨਮ ਕੱਤਕ 7 ਸੰਮਤ 1724 ਨੂੰ ਸੰਤ ਰਾਮੇ ਜੱਟ ਦੇ ਘਰ ਮਾਈ ਜੱਸੀ (ਸਾਵੋ) ਦੀ ਕੁੱਖੋਂ ਪਿੰਡ ਜਟਵਾੜਾ (ਜ਼ਿਲ੍ਹਾ ਸਹਾਰਨਪੁਰ) ਵਿਖੇ ਹੋਇਆ। ਸੰਮਤ 1735 ਨੂੰ ਕਲਗੀਧਰ ਦੀ ਸ਼ਰਨ ਆਇਆ ਅਤੇ 8 ਪੋਹ ਸੰਮਤ 1761 ਨੂੰ ਚਮਕੌਰ ਵਿਚ ਸ਼ਹੀਦ ਹੋਇਆ। ਭਾਈ ਸਾਹਿਬ ਸਿੰਘ ਦਾ ਜਨਮ ਨੰਗਲ ਸ਼ਹੀਦਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤੁਲਸੀ (ਜਾਂ ਚਮਨ ਰਾਮ) ਨਾਈ ਦੇ ਘਰ ਮਾਤਾ ਬਿਸ਼ਨ ਦੇਈ ਦੀ ਕੁੱਖੋਂ 4 ਹਾੜ ਸੰਮਤ 1722 ਨੂੰ ਹੋਇਆ। ਸੰਮਤ 1738 ਨੂੰ ਆਨੰਦਪੁਰ ਵਿਖੇ ਸਤਿਗੁਰੂ ਦੀ ਸ਼ਰਣ ਆਇਆ ਅਤੇ 8 ਪੋਹ ਸੰਮਤ 1761 ਨੂੰ ਚਮਕੌਰ ਵਿਚ ਸ਼ਹੀਦ ਹੋਇਆ। ਭਾਈ ਹਿੰਮਤ ਸਿੰਘ ਦਾ ਜਨਮ ਪਿੰਡ ਸੰਗਤਪੁਰਾ ਰਿਆਸਤ ਪਟਿਆਲਾ ਵਿਖੇ ਜੋਤੀ ਰਾਮ ਝਿਉਰ ਦੇ ਘਰ ਮਾਈ ਰਾਮੋ ਦੀ ਕੁੱਖੋਂ 5 ਮਾਘ 1718 ਨੂੰ ਹੋਇਆ। ਸੰਮਤ 1735 ਨੂੰ ਆਨੰਦਪੁਰ ਗੁਰੂ ਜੀ ਦੀ ਸੇਵਾ ਵਿਚ ਆਇਆ ਅਤੇ 8 ਪੋਹ ਸੰਮਤ 1761 ਨੂੰ ਚਮਕੌਰ ਵਿਚ ਸ਼ਹੀਦ ਹੋਇਆ। ਭਾਈ ਮੁਹਕਮ ਸਿੰਘ ਦਾ ਜਨਮ ਤੀਰਥ ਰਾਮ ਛੀਬੇ ਦੇ ਘਰ ਮਾਤਾ ਸੁਖਦੇਵੀ ਦੀ ਕੁੱਖੋਂ 22 ਜੇਠ ਸੰਮਤ 1733 ਨੂੰ ਪਿੰਡ ਬੂੜੀਏ ਵਿਖੇ ਹੋਇਆ। ਸੰਮਤ 1742 ਵਿਚ ਗੁਰੂ–ਚਰਨਾਂ ਵਿਚ ਆਇਆ ਅਤੇ 8 ਪੋਹ ਸੰਮਤ 1761 ਨੂੰ ਚਮਕੌਰ ਵਿਚ ਸ਼ਹੀਦੀ ਪ੍ਰਾਪਤ ਕੀਤੀ।

          [ਸਹਾ. ਗ੍ਰੰਥ––ਮ. ਕੋ.ਸ; ਗੁ. ਮਾ.; ਗੁ. ਸੁ.; ‘ਸਿੱਖ ਰਹਿਤ ਮਰਯਾਦਾ’ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ           ਕਮੇਟੀ); ਪਿਆਰਾ ਸਿੰਘ ਪਦਮ : ‘ਰਹਿਤਨਾਮੇ’; ਭਾਈ ਸੰਤੋਖ ਸਿੰਘ : ‘ਗੁਰ ਪ੍ਰਤਾਪ ਸੂਰਜ’] 


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਪੰਜ ਪਿਆਰੇ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੰਜ ਪਿਆਰੇ : ਗੁਰੂ ਗੋਬਿੰਦ ਸਿੰਘ ਜੀ ਅੱਗੇ ਆਪਣਾ ਆਪਾ ਵਾਰਨ ਵਾਲੇ ਪੰਜ ਮਹਾਂਪੁਰਖ ਜਿਨ੍ਹਾਂ ਨੇ 1699 ਈ. ਵਿਚ ਵਿਸਾਖੀ ਵਾਲੇ ਦਿਨ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ ਅਤੇ ਫ਼ਿਰ ਗੁਰੂ ਜੀ ਨੂੰ ਛਕਾਇਆ । ਪੁਰਾਤਨ ਸਮੇਂ ਤੋਂ ਹੀ ਭਾਰਤੀਆਂ ਦੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਜੀਵਨ ਵਿਚ ਪੰਜਾਂ ਦੀ ਮਹਾਨਤਾ ਰਹੀ ਹੈ। ਗੁਰੂ ਘਰ ਵਿਚ ਵੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚਲੀ ਆਈ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪੰਜ  ਪਿਆਰੇ ਚੁਣੇ ਜਾਂਦੇ ਰਹੇ ਹਨ ਪਰ ਇਤਿਹਾਸ ਵਿਚ ਸਾਰਿਆਂ ਦੇ ਨਾਂ  ਨਹੀਂ ਮਿਲਦੇ । ਗੁਰੂ ਅਰਜਨ ਦੇਵ ਜੀ ਨਾਲ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ  ਲੰਗਾਹ , ਭਾਈ ਪਿਰਾਣਾ, ਭਾਈ ਪੈੜਾ ਅਤੇ ਗੁਰੂ ਤੇਗ ਬਹਾਦਰ ਜੀ ਨਾਲ ਭਾਈ ਮਤੀ ਦਾਸ , ਭਾਈ ਗੁਰਦਿੱਤਾ , ਭਾਈ ਦਿਆਲਾ, ਭਾਈ ਊਦਾ, ਭਾਈ ਜੈਤਾ–ਪੰਜ ਮਹਾਂਪੁਰਖਾਂ ਦਾ ਨਾਂ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕਰ ਕੇ ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਨਵਾਂ ਰੂਪ ਦੇ ਕੇ ਹੋਰ ਪੱਕਾ ਕੀਤਾ ।

ਸੰਨ 1699 (1756 ਬਿ.) ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਦੀਵਾਨ ਵਿਚ ਨੰਗੀ ਤਲਵਾਰ ਧੂਹ ਕੇ ਆਪਣੇ ਸਿੱਖਾਂ ਤੋਂ ਸਿਰ ਦੀ ਮੰਗ ਕੀਤੀ । ਉਸ ਸਮੇਂ ਜਿਨ੍ਹਾਂ ਪੰਜ ਸਿੱਖਾਂ ਨੇ ਆਪਣੇ ਸੀਸ ਭੇਟਾ ਕੀਤੇ ਉਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਛਾਤੀ ਨਾਲ ਲਾ ਕੇ ਪਿਆਰਾ ਕਹਿ ਕੇ ਸੰਬੋਧਨ ਕੀਤਾ ਅਤੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ । ਫ਼ਿਰ ਆਪ ਉਨ੍ਹਾਂ ਪੰਜਾਂ ਪਾਸੋਂ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਬਣੇ ।

ਗੁਰੂ ਆਗਿਆ ਵਿਚ ਆਪਾ ਵਾਰਣ ਵਾਲੇ ਇਨ੍ਹਾਂ ਪੰਜ  ਪਿਆਰਿਆਂ ਦੇ ਸ਼ੁਭ ਨਾਮ ਹੇਠ ਲਿਖੇ ਅਨੁਸਾਰ ਹਨ :–

ਭਾਈ ਦਇਆ ਸਿੰਘ ਜੀ

1. ਭਾਈ ਦਇਆ ਸਿੰਘ ਜੀ : ਆਪ ਦਾ ਜਨਮ ਲਾਹੌਰ ਨਿਵਾਸੀ ਭਾਈ ਸੁੱਧੇ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ 1669 ਈ. (1726 ਬਿ.) ਵਿਚ ਹੋਇਆ । ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਦਇਆ ਰਾਮ ਸੀ । ਜਦੋਂ ਗੁਰੂ ਜੀ ਨੇ ਸਿਰ ਦੀ ਮੰਗ ਕੀਤੀ ਤਾਂ ਆਪ ਸਭ ਤੋਂ ਪਹਿਲਾਂ ਅੱਗੇ ਵਧੇ ਅਤੇ ਮੱਥਾ ਟੇਕ ਕੇ ਕਿਹਾ :

          ਜਾ ਦਿਨ ਤੇ ਹਮ ਸਿੱਖੀ ਪਾਈ ।

          ਤਾ ਦਿਨ ਤੇ ਸਿਰ ਭੇਟ ਚੜਾਈ ।

          ਤਨ ਮਨ ਧਨ ਰਾਵਰ ਕਾ ਅਹੀਐ ।

          ਜਬ ਚਾਹੀਏ ਤਬ ਹੀ ਲੈ ਲਈਹੈ ।

(ਗੁ. ਪ੍ਰ. ਸੂ. ਗ੍ਰੰ )

          ਸੰਨ 1705 (1762 ਬਿ. ) ਵਿਚ ਆਪ ਲੋਹਗੜ੍ਹ (ਦੀਨਾ) ਤੋਂ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਪਾਸ ਦੱਖਣ ਗਏ । ਸੰਨ 1708 (1765 ਬਿ. ) ਵਿਚ ਅਬਿਚਲ ਨਗਰ (ਹਜ਼ੂਰ ਸਾਹਿਬ) ਵਿਖੇ ਆਪ ਪਰਲੋਕ ਸਿਧਾਰ ਗਏ ।

ਭਾਈ ਧਰਮ ਸਿੰਘ ਜੀ

2. ਭਾਈ ਧਰਮ ਸਿੰਘ ਜੀ :  ਆਪ ਦਾ ਜਨਮ ਹਸਤਨਾਪੁਰ (ਦਿੱਲੀ) ਨਿਵਾਸੀ ਜੱਟ ਸੰਤਰਾਮ ਦੇ ਘਰ ਮਾਤਾ ਸਾਭੋ ਦੀ ਕੁੱਖੋਂ 1667 ਈ. (1724 ਬਿ.) ਵਿਚ ਹੋਇਆ । ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਧਰਮ ਚੰਦ ਸੀ । ਸੰਨ 1708 (1765) ਵਿਚ ਹਜ਼ੂਰ ਸਾਹਿਬ ਵਿਖੇ ਆਪ ਦਾ ਦੇਹਾਂਤ ਹੋ ਗਿਆ ।

ਭਾਈ ਹਿੰਮਤ ਸਿੰਘ ਜੀ

3. ਭਾਈ ਹਿੰਮਤ ਸਿੰਘ ਜੀ :  ਆਪ ਦਾ ਜਨਮ ਜਗਨਨਾਥ ਪੁਰੀ ਨਿਵਾਸੀ ਗੁਲਜ਼ਾਰੀ ਝੀਊਰ ਦੇ ਘਰ ਮਾਤਾ ਧੰਨੋ ਦੀ ਕੁੱਖੋਂ 1663 ਈ. (1720 ਬਿ. ) ਵਿਚ ਹੋਇਆ । ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਹਿੰਮਤ ਰਾਇ ਸੀ । ਸੰਨ 1704 (1761ਬਿ.) ਨੂੰ ਚਮਕੌਰ ਸਾਹਿਬ ਦੇ ਧਰਮਯੁੱਧ ਵਿਚ ਆਪ ਸ਼ਹੀਦ ਹੋ ਗਏ ।

ਭਾਈ ਮੋਹਕਮ ਸਿੰਘ ਜੀ

4. ਭਾਈ ਮੋਹਕਮ ਸਿੰਘ ਜੀ :  ਆਪ ਦਾ ਜਨਮ ਦਵਾਰਕਾ ਨਿਵਾਸੀ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾ ਬਾਈ ਦੀ ਕੁੱਖੋਂ 1663 ਈ. (1720 ਬਿ. ) ਵਿਚ ਹੋਇਆ । ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਮੋਹਕਮ ਚੰਦ ਸੀ । ਸੰਨ 1794 ਈ. (1716) ਨੂੰ ਚਮਕੌਰ ਸਾਹਿਬ ਦੀ ਜੰਗ ਵਿਚ ਆਪ ਨੇ ਸ਼ਹੀਦੀ ਪ੍ਰਾਪਤ ਕੀਤੀ ।

ਭਾਈ ਸਾਹਿਬ ਸਿੰਘ ਜੀ

5. ਭਾਈ ਸਾਹਿਬ ਸਿੰਘ ਜੀ :  ਆਪ ਦਾ ਜਨਮ ਬਿਦਰ ਨਿਵਾਸੀ ਚਮਨੇ ਨਾਈ ਦੇ ਘਰ ਮਾਤਾ ਸੋਨਾਬਾਈ ਦੀ ਕੁੱਖੋਂ 1662 ਈ. (1719 ਬਿ. ) ਵਿਚ ਹੋਇਆ । ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਸਾਹਿਬ ਚੰਦ ਸੀ । ਸੰਨ 1704(1761 ਬਿ. ) ਵਿਚ ਚਮਕੌਰ ਸਾਹਿਬ ਵਿਖੇ ਯੁੱਧ ਕਰਦੇ ਆਪ ਸ਼ਹੀਦ ਹੋ ਗਏ ।

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ । ਆਪ ਜੀ ਨੇ ਆਪਣੇ ਦੋਵੇਂ ਹੱਥ ਅੱਡ ਕੇ ਇਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਅਤੇ ਸਾਰੇ ਸੰਸਾਰ ਵਿਚ ਇਕ ਅਨੋਖੀ ਮਿਸਾਲ ਕਾਇਮ ਕੀਤੀ :

          ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ '

ਗੁਰੂ ਸਾਹਿਬ ਦੀ ਆਗਿਆ ਅਨੁਸਾਰ ਹੁਣ ਤਕ ਕੜਾਹ ਪ੍ਰਸ਼ਾਦ ਵਰਤਾਉਣ ਸਮੇਂ ਪੰਜ ਪਿਆਰਿਆਂ ਦੇ ਨਾਂ ਦਾ ਛਾਂਦਾ ਕੱਢ ਕੇ ਪੰਜ ਅੰਮ੍ਰਿਤਧਾਰੀ ਸਿੰਘਾਂ ਨੂੰ ਦਿੱਤਾ ਜਾਂਦਾ ਹੈ ਅਤੇ ਫਿਰ ਸਾਰੀ ਸੰਗਤ ਵਿਚ ਵਰਤਾਇਆ ਜਾਂਦਾ ਹੈ।

ਨਗਰ ਕੀਰਤਨ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੀ ਅਗਵਾਈ ਪੰਜ ਪਿਆਰੇ ਕਰਦੇ ਹਨ ।

ਅੰਮ੍ਰਿਤ ਛਕਾਉਣ ਦਾ ਅਧਿਕਾਰ ਵੀ ਪੰਜ  ਪਿਆਰਿਆਂ ਨੂੰ ਹੀ ਹੈ ।

ਕਿਸੇ ਸਿੰਘ ਜਾਂ ਸਿੰਘਣੀ ਪਾਸੋਂ ਰਹਿਤ ਦੀ ਉਲੰਘਣਾ ਹੋ ਜਾਣ ਦੀ ਸੂਰਤ ਵਿਚ ਉਸ ਨੂੰ ਤਨਖਾਹ (ਦੰਡ) ਲਾਉਣ ਦਾ ਅਧਿਕਾਰ ਵੀ ਪੰਜ ਪਿਆਰਿਆਂ ਨੂੰ ਹੀ ਹੈ ।

ਕਿਸੇ ਵੀ ਗੁਰੂ ਅਸਥਾਨ ਦੇ ਸਰੋਵਰ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਪੰਜ ਪਿਆਰੇ ਕਰਦੇ ਹਨ ।

ਚਮਕੌਰ ਸਾਹਿਬ ਦੀ ਜੰਗ ਵਿਚ ਜਦੋਂ ਕਈ ਸਿੰਘ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਰਾਤ ਨੂੰ ਸਿੰਘਾਂ ਨੇ ਬੜੀ ਵਾਰ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਗੜ੍ਹੀ ਛੱਡ ਕੇ ਚਲੇ ਜਾਉ ਕਿਉਂਕਿ ਆਪ ਦੀ ਸਲਾਮਤੀ ਨਾਲ ਹਜ਼ਾਰਾਂ ਸਿੰਘ ਪੈਦਾ ਹੋ ਸਕਦੇ ਹਨ ਨਹੀਂ ਤਾਂ ਪੰਥ ਯਤੀਮ ਹੋ ਜਾਵੇਗਾ ਪਰ ਗੁਰੂ ਜੀ ਹਰ ਵਾਰ ਟਾਲਦੇ ਰਹੇ । ਅਖ਼ੀਰ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਵੱਜੋਂ ਕਿਹਾ ਕਿ ‘ਗੁਰ ਖਾਲਸਾ’ ਤੁਹਾਨੂੰ ਇਥੋਂ ਚਲੇ ਜਾਣ ਲਈ ਹੁਕਮ ਦਿੰਦਾ ਹੈ। ਇਹ ਸੁਣ ਕੇ ਆਪ ਜੀ ਨੇ ਹੁਕਮ ਅੱਗੇ ਸਿਰ ਨਿਵਾ ਕੇ ਗੜ੍ਹੀ ਛੱਡ ਦਿੱਤੀ ।

ਇਕ ਵਾਰ ਦਾਦੂ ਨਾਂ ਦੇ ਇਕ ਫ਼ਕੀਰ ਦੀ ਸਮਾਧ ਨੂੰ ਗੁਰੂ ਜੀ ਨੇ ਤੀਰ ਨਾਲ ਪ੍ਰਣਾਮ ਕੀਤਾ ਤਾਂ ਸਿੰਘਾਂ ਨੇ ਆਪ ਨੂੰ ‘ਤਨਖਾਹ ' ਲਾਈ । ਆਪ ਨੇ ਬੜੀ ਪ੍ਰਸੰਨਤਾ ਨਾਲ ਤਨਖਾਹ (ਧਰਮਦੰਡ) ਕਬੂਲੀ ਅਤੇ ਕਿਹਾ, ‘ਮੈਂ ਤੁਹਾਡੀ ਪ੍ਰੀਖਿਆ ਲੈਣਾ ਚਾਹੁੰਦਾ ਸੀ ਜਿਸ ਤੇ ਤੁਸੀਂ ਪੂਰੇ ਉਤਰੇ ਹੋ ।’

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਮਹੱਤਤਾ ਆਪਣੀ ਬਾਣੀ ਵਿਚ ਕਈ ਥਾਈਂ ਦਰਸਾਈ ਹੈ :

    ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ ॥ਇਨਹੀ ਕੇ ਪ੍ਰਸਾਦਿ ਸੁ  ਬਿਦਿਆ ਲਈ ਇਨਹੀ ਕ੍ਰਿਪਾ ਸਭ ਸਤਰੁ ਮਰੇ ॥ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੋ ਗਰੀਬ ਕਰੋਰ ਪਰੇ ॥

          ਆਪ ਨੇ ਇਹ ਵੀ ਫ਼ੁਰਮਾਨ ਕੀਤਾ ਕਿ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈਣੀ ਹੈ ਉਹ ਇਨ੍ਹਾਂ ਦੀ ਸੇਵਾ ਸੰਭਾਲ ਕਰੇ ਕਿਉਂਕਿ ਗੁਰੂ ਦਾ ਸਾਰਾ ਕੁਝ ਇਨ੍ਹਾਂ ਦਾ ਹੀ ਹੈ –

        ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ ।

       ਦਾਨ ਦਿਯੋ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ ।

         ਆਗੈ ਫਲੈ ਇਨਹੀ ਕੋ ਦਿਯੋ ਜਗ ਮੈ ਜਸ ਅਉਰ ਕੀਯੋ ਸਭ ਫੀਕੋ ।

       ਮੋ ਗ੍ਰਹਿ  ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-05-11-21-33, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗੁ. ਖਾ. : ਗੁ. ਪ੍ਰ. ਸੂ. ਗ੍ਰੰ. ਸਿ. ਇ. -ਕਨਿੰਘਮ; ਪੰ. ਸਾ. ਸੰ. ਕੋ.; ਸਹਿਜੇ ਰਚਿਓ ਖਾਲਸਾ-ਹਰਿੰਦਰ ਸਿੰਘ ਮਹਿਬੂਬ: ਪੁਰਖ ਭਗਵੰਤ ਪ੍ਰਿੰ. ਸਤਿਬੀਰ ਸਿੰਘ; ਕਲਗੀਧਰ ਚਮਤਕਾਰ-ਭਾਈ ਵੀਰ ਸਿੰਘ; ਐਨ. ਸਿ. -ਹਰਬੰਸ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.